• Home »
  • National »
  • ‘ਮੇਰੇ ਆਪਣੇ ਮੋਢੇ ਬਹੁਤ ਮਜ਼ਬੂਤ ਹਨ, ਕਿਸੇ ‘ਤੇ ਉਂਗਲੀ ਨਹੀਂ ਉਠਾਵਾਂਗਾ’

‘ਮੇਰੇ ਆਪਣੇ ਮੋਢੇ ਬਹੁਤ ਮਜ਼ਬੂਤ ਹਨ, ਕਿਸੇ ‘ਤੇ ਉਂਗਲੀ ਨਹੀਂ ਉਠਾਵਾਂਗਾ’

ਚੰਡੀਗੜ੍ਹ – ‘ਮੈਂ ਕਾਨੂੰਨ ਤੇ ਨਿਆਂ ਦਾ ਸਤਿਕਾਰ ਕਰਨ ਵਾਲਾ ਵਿਅਕਤੀ ਹਾਂ ਤੇ ਪ੍ਰਮਾਤਮਾ ਦੀ ਕ੍ਰਿਪਾ ਨਾਲ ਮੇਰੇ ਮੋਢੇ ਬਹੁਤ ਮਜ਼ਬੂਤ ਹਨ, ਜਿਸ ਕਾਰਨ ਮੈਂ ਆਪਣਾ ਸਾਰਾ ਬੋਝ ਖੁਦ ਚੁੱਕਣ ਦੇ ਸਮਰੱਥ ਹਾਂ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਜੋ ਕਹਿਣਾ ਸੀ, ਜੋ ਕਰਨਾ ਸੀ, ਉਹ ਕਰ ਦਿੱਤਾ। ਇਹ ਖੁੱਲ੍ਹੇਆਮ ਕੀਤਾ ਗਿਆ ਹੈ ਤੇ ਇਸ ਵਿਚ ਮੈਂ ਕਿਸੇ ‘ਤੇ ਵੀ ਉਂਗਲੀ ਨਹੀਂ ਚੁੱਕਣੀ, ਬਲਕਿ ਮਾਮਲਾ ਅਦਾਲਤ ਵਿਚ ਹੈ ਤੇ ਉਥੇ ਹੀ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਨੂੰ ਨਿਆਂ ਮਿਲੇਗਾ।” ਇਹ ਕਹਿਣਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ। ਸੁਪਰੀਮ ਕੋਰਟ ਵਿਚ ਉਨ੍ਹਾਂ ਨਾਲ ਸਬੰਧਤ 1988 ਦੇ ਰੋਡ ਰੇਜ ਮਾਮਲੇ ਵਿਚ ਬੀਤੇ ਦਿਨੀਂ ਹੀ ਪੰਜਾਬ ਸਰਕਾਰ ਵਲੋਂ ਸਿੱਧੂ ਦੇ ਉਸ ਬਿਆਨ ਨੂੰ ਝੂਠਾ ਕਰਾਰ ਦਿੱਤਾ ਗਿਆ ਸੀ, ਜਿਸ ਵਿਚ ਉਨ੍ਹਾਂ ਕਿਹਾ ਕਿ ਉਕਤ ਰੋਡ ਰੇਜ ਮਾਮਲੇ ਵਿਚ ਉਨ੍ਹਾਂ ਨੂੰ ਫਸਾਇਆ ਗਿਆ ਹੈ। ਸਿੱਧੂ ਅੱਜ ਹੀ ਤੇਲੰਗਾਨਾ ਦੇ ਦੌਰੇ ਤੋਂ ਵਾਪਸ ਆਏ ਸਨ, ਜਿਥੇ ਉਹ ਮਾਈਨਿੰਗ ਸਬੰਧੀ ਪ੍ਰਕਿਰਿਆ ਨੂੰ ਦੇਖਣ ਲਈ ਆਪਣੀ ਟੀਮ ਨਾਲ ਗਏ ਹੋਏ ਸਨ। ਚੰਡੀਗੜ੍ਹ ਸਥਿਤ ਪੰਜਾਬ ਸਥਾਨਕ ਸਰਕਾਰਾਂ ਵਿਭਾਗ ਦੇ ਦਫਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਸੇ ਦਾ ਨਾਂ ਲਏ ਬਿਨਾਂ ਆਪਣੀ ਤਲਖੀ ਵੀ ਜ਼ਾਹਿਰ ਕੀਤੀ। ਸਿੱਧੂ ਨੇ ਕਿਹਾ ਕਿ ਇਸ ਮਾਮਲੇ ਵਿਚ ਸਭ ਕੁੱਝ ‘ਨੰਗਾ-ਚਿੱਟਾ’ ਸਪੱਸ਼ਟ ਹੋ ਗਿਆ ਹੈ ਤੇ ਕੁੱਝ ਵੀ ਲੁਕਿਆ ਨਹੀਂ ਰਿਹਾ ਹੈ। ਇਸ ਨਾਲ ਸਿਆਸੀ ਸਮਝ ਵਾਲੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤਿੰਨ ਸਾਲ ਪੁਰਾਣੇ ਮਾਮਲੇ ਵਿਚ ਕਿਸ ਦੀ ਦਿਲਚਸਪੀ ਜਾਗੀ ਹੈ। ਸਿੱਧੂ ਨੇ ਕਿਹਾ ਕਿ ਮਾਮਲਾ ਅਦਾਲਤ ਵਿਚ ਹੈ, ਇਸ ਲਈ ਕਿਸੇ ਨੂੰ ਵੀ ਤੁਰੰਤ ਨਤੀਜੇ ‘ਤੇ ਨਹੀਂ ਪਹੁੰਚਣਾ ਚਾਹੀਦਾ। ਨਿਆਂ ਪ੍ਰਕਿਰਿਆ ਦਾ ਆਪਣਾ ਹੀ ਤਰੀਕਾ ਹੈ ਤੇ ਸਭ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ‘ਚ ਪੰਜਾਬ ਸਰਕਾਰ ਵਲੋਂ ਪੇਸ਼ ਹੋਏ ਵਕੀਲ ਨੇ ਇਹ ਕਿਹਾ ਸੀ ਕਿ 1988 ‘ਚ ਪਟਿਆਲਾ ਦੇ ਸ਼ੇਰਾਂਵਾਲਾ ਗੇਟ ਇਲਾਕੇ ਵਿਚ ਹੋਈ ਰੋਡ ਰੇਜ ਦੀ ਘਟਨਾ, ਜਿਸ ਵਿਚ ਗੁਰਨਾਮ ਸਿੰਘ ਦੀ ਬਾਅਦ ਵਿਚ ਮੌਤ ਹੋ ਗਈ ਸੀ, ਦੇ ਮਾਮਲੇ ਵਿਚ ਸਿੱਧੂ ਨੂੰ ਜੋ ਸਜ਼ਾ ਹੋਈ ਹੈ, ਉਹ ਸਹੀ ਹੈ। ਇਸ ਬਾਰੇ ਪੁੱਛੇ ਜਾਣ ‘ਤੇ ਸਿੱਧੂ ਨੇ ਕਿਹਾ ਕਿ ਇਸ ਸਬੰਧੀ ਕਿਸੇ ਵੀ ਸਵਾਲ ਦਾ ਜਵਾਬ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਐਡਵੋਕੇਟ ਜਨਰਲ ਹੀ ਦੇ ਸਕਦੇ ਹਨ।