• Home »
  • Home »
  • ਕੈਨੇਡੀਅਨ ਪੀ.ਐੱਮ. ਟਰੂਡੋ ਦਾ ਭਾਰਤ ਦੌਰਾ, ਸ਼੍ਰੋਮਣੀ ਕਮੇਟੀ ਵਲੋਂ ਤਿਆਰੀਆਂ ਜ਼ੋਰਾਂ ‘ਤੇ

ਕੈਨੇਡੀਅਨ ਪੀ.ਐੱਮ. ਟਰੂਡੋ ਦਾ ਭਾਰਤ ਦੌਰਾ, ਸ਼੍ਰੋਮਣੀ ਕਮੇਟੀ ਵਲੋਂ ਤਿਆਰੀਆਂ ਜ਼ੋਰਾਂ ‘ਤੇ

ਓਟਾਵਾ/ ਅੰਮ੍ਰਿਤਸਰ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਫਰਵਰੀ ਨੂੰ ਭਾਰਤ ਦੌਰੇ ‘ਤੇ ਆ ਰਹੇ ਹਨ, ਇਸ ਦੌਰਾਨ ਉਨ੍ਹਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਵੀ ਪੁੱਜਣ ਦੀ ਸੰਭਾਵਨਾ ਹੈ। ਟਰੂਡੋ ਨਾਲ 6 ਮੰਤਰੀਆਂ ਦਾ ਵਫਦ ਵੀ ਆਵੇਗਾ। ਸਮਝਿਆ ਜਾਂਦਾ ਹੈ ਕਿ ਕੈਨੇਡੀਅਨ ਵਿਦੇਸ਼ ਮੰਤਰਾਲੇ ਵਲੋਂ ਕੈਨੇਡਾ ‘ਚ ਵਸਦੇ 20 ਲੱਖ ਦੇ ਕਰੀਬ ਸਿੱਖਾਂ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਫੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਪ੍ਰੋਗਰਾਮ ਵਿਸ਼ੇਸ਼ ਤੌਰ ‘ਤੇ ਉਲੀਕਿਆ ਗਿਆ ਹੈ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਿਆਰੀਆਂ ਜਾਰੀ ਹਨ। ਇਸ ਤੋਂ ਪਹਿਲਾਂ ਜਦ ਕੈਨੇਡਾ ਦੇ ਰੱਖਿਆ ਮੰਤਰੀ ਸਰਦਾਰ ਹਰਜੀਤ ਸੱਜਣ ਇੱਥੇ ਆਏ ਸਨ, ਤਦ ਵੀ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਸੀ। ਇੱਥੇ ਦੱਸ ਦਈਏ ਕਿ ਟਰੂਡੋ 17 ਤੋਂ 23 ਫਰਵਰੀ ਤੱਕ ਭਾਰਤ ਦੌਰੇ ‘ਤੇ ਹਨ, ਇਸ ਦੌਰਾਨ ਇਕ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਉਣ ਦਾ ਵੀ ਪ੍ਰੋਗਰਾਮ ਹੈ। ਮੌਜੂਦਾ ਟਰੂਡੋ ਸਰਕਾਰ ‘ਚ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਣ ਤੋਂ ਇਲਾਵਾ ਕੈਨੇਡਾ ਦੇ ਵਿੱਤ ਮੰਤਰੀ ਨਵਦੀਪ ਸਿੰਘ ਬੈਂਸ ਸਮੇਤ ਤਕਰੀਬਨ 19 ਐਮ. ਪੀ. ਅਤੇ ਹੋਰ ਵਿਧਾਇਕ ਸਿੱਖ ਜਾਂ ਪੰਜਾਬੀ ਮੂਲ ਦੇ ਹਨ ।
ਟਰੂਡੋ ਦੇ ਸ੍ਰੀ ਹਰਿਮੰਦਰ ਸਾਹਿਬ ਆਉਣ ਨੂੰ ਲੈ ਕੇ ਪੰਜਾਬ ਦੀ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੇ ਦਾ ਸਵਾਗਤ ਕਰੇਗੀ।

ਕੈਨੇਡੀਅਨ ਅਧਿਕਾਰੀਆਂ ਵਲੋਂ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਨਵੀਂ ਦਿੱਲੀ, ਮੁੰਬਈ, ਆਗਰਾ ਤੇ ਅਹਿਮਦਾਬਾਦ ਆਦਿ ਸ਼ਹਿਰਾਂ ਨੂੰ ਦੌਰੇ ‘ਚ ਸ਼ਾਮਿਲ ਕੀਤਾ ਗਿਆ ਹੈ, ਪਰ ਪੰਜਾਬ ਜਾਂ ਚੰਡੀਗੜ੍ਹ ਨੂੰ ਅਣਗੌਲਿਆ ਕਰਕੇ ਕੇਵਲ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਨੂੰ ਹੀ ਇਸ ‘ਚ ਸ਼ਾਮਿਲ ਕੀਤਾ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੀ ਸ੍ਰੀ ਹਰਿਮੰਦਰ ਸਾਹਿਬ ਫੇਰੀ ਸਬੰਧੀ ਬੀਤੀ 17 ਦਸੰਬਰ ਨੂੰ ਕੈਨੇਡਾ ਸਰਕਾਰ ਦੇ ਪ੍ਰੋਟੋਕਾਲ, ਸੁਰੱਖਿਆ ਤੇ ਮੀਡੀਆ ਅਧਿਕਾਰੀਆਂ ਤੋਂ ਇਲਾਵਾ ਕੈਨੇਡੀਅਨ ਹਾਈ ਕਮਿਸ਼ਨ ਨਵੀਂ ਦਿੱਲੀ ਦੇ ਅਧਿਕਾਰੀਆਂ ਦੀ ਇਕ ਟੀਮ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ।