• Home »
  • Home »
  • ਮੀਕਾ ਦੇ ਸ਼ਬਦ ਕੀਰਤਨ ‘ਤੇ ਜਥੇਦਾਰ ਦਾ ਜਵਾਬ

ਮੀਕਾ ਦੇ ਸ਼ਬਦ ਕੀਰਤਨ ‘ਤੇ ਜਥੇਦਾਰ ਦਾ ਜਵਾਬ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਾਲੀਵੁੱਡ ਗਾਇਕ ਮੀਕਾ ਵੱਲੋਂ ਸ਼ਬਦ ਕੀਰਤਨ ਗਾਇਨ ਕਰਨ ਦੇ ਮਾਮਲੇ ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੁੰਬਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਬਾਰੇ ਸਮਾਗਮ ਵਿੱਚ ਮੀਕਾ ਵੱਲੋਂ ਸ਼ਬਦ ਕੀਰਤਨ ਗਾਇਨ ਬਾਰੇ ਉਨ੍ਹਾਂ ਨੂੰ ਪਹਿਲਾਂ ਪਤਾ ਨਹੀਂ ਸੀ।

ਉਨ੍ਹਾਂ ਕਿਹਾ ਕਿ ਇਹ ਉੱਥੋਂ ਦੇ ਪ੍ਰਬੰਧਕਾਂ ਦੀ ਗ਼ਲਤੀ ਸੀ ਤੇ ਉਨ੍ਹਾਂ ਆਪਣੀ ਗ਼ਲਤੀ ਨੂੰ ਕਬੂਲ ਕਰਦਿਆਂ ਮੁਆਫੀ ਵੀ ਮੰਗ ਲਈ ਹੈ। ਉਨ੍ਹਾਂ ਇਹ ਗੱਲ ਮੰਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਤਿਤ ਸਿੱਖ ਵੱਲੋਂ ਕੀਰਤਨ ਕੀਤਾ ਜਾਣਾ ਮਰਿਆਦਾ ਦੇ ਖਿਲਾਫ ਹੈ।

ਉਨ੍ਹਾਂ ਨੇ ਸਿੱਖ ਕਤਲੇਆਮ ਨਾਲ ਸਬੰਧਤ 186 ਕੇਸਾਂ ਦੀ ਮੁੜ ਜਾਂਚ ਕਰਵਾਉਣ ਦੇ ਹੁਕਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਫੈਸਲਾ ਸਿੱਖਾਂ ਦੇ ਜ਼ਖਮਾਂ ‘ਤੇ ਮਰਹਮ ਲਾਉਣ ਦਾ ਕੰਮ ਕਰੇਗਾ ਤੇ ਅਸਲ ਦੋਸ਼ੀਆਂ ਨੂੰ ਸਜ਼ਾ ਮਿਲ ਸਕੇਗੀ। ਉਨ੍ਹਾਂ ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਹ ਅਪੀਲ ਕੀਤੀ ਕੇ 1984 ਦੌਰਾਨ ਸਿੱਖਾਂ ਨਾਲ ਹੋਈ ਬੇਇਨਸਾਫ਼ੀ ਲਈ ਸਹੀ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣਾ-ਆਪਣਾ ਸਹਿਯੋਗ ਦੇਣ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਧਾਰਾ 25 ਬੀ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਸਿੱਖ ਵੱਖਰੀ ਕੌਮ ਹੈ। ਉਨ੍ਹਾਂ ਕਿਹਾ ਕਿ ਸਿੱਖ ਮੈਰਿਜ ਐਕਟ ਪਾਕਿਸਤਾਨ ਸਮੇਤ ਕਈ ਦੇਸ਼ਾਂ ਵਿੱਚ ਲਾਗੂ ਹੋ ਗਿਆ ਹੈ ਪਰ ਹਿੰਦੁਸਤਾਨ ਵਿੱਚ ਕਿਉਂ ਨਹੀਂ? ਵਿਦੇਸ਼ਾਂ ਦੇ ਗੁਰਦਵਾਰਿਆਂ ਚ ਭਾਰਤੀ ਅਧਿਕਾਰੀਆਂ ਨੂੰ ਬੋਲਣ ਦੀ ਮਨਾਹੀ ਬਾਰੇ ਉਨ੍ਹਾਂ ਸਾਫ ਕੀਤਾ ਕਿ ਉਨ੍ਹਾਂ ਦੇ ਮੱਥਾ ਟੇਕਣ ‘ਤੇ ਕੋਈ ਰੋਕ ਨਹੀਂ ਲਾਈ ਗਈ। ਉਨ੍ਹਾਂ ਦੱਸਿਆ ਕਿ ਉੱਥੋਂ ਦੇ ਪ੍ਰਬੰਧਕਾਂ ਮੁਤਾਬਕ ਅਜਿਹੇ ਅਧਿਕਾਰੀ ਸਿੱਖਾਂ ਵਿੱਚ ਫੁੱਟ ਪਾਉਣ ਦਾ ਕੰਮ ਕਰਦੇ ਹਨ। ਇਸ ਲਈ ਉਨ੍ਹਾਂ ਦੇ ਸਟੇਜ ਤੋਂ ਬੋਲਣ ਦੀ ਪਾਬੰਧੀ ਲਾਈ ਗਈ ਹੈ।