• Home »
  • International »
  • ਪਾਕਿਸਤਾਨੀ ਜੇਲ ‘ਚ ਬੰਦ ਝੂਠੇ ਕੇਸ ‘ਚ ਫਸੇ ਦੋ ਪੰਜਾਬੀ ਹੋ ਚੁੱਕੇ ਨੇ ਪਾਗਲ

ਪਾਕਿਸਤਾਨੀ ਜੇਲ ‘ਚ ਬੰਦ ਝੂਠੇ ਕੇਸ ‘ਚ ਫਸੇ ਦੋ ਪੰਜਾਬੀ ਹੋ ਚੁੱਕੇ ਨੇ ਪਾਗਲ

ਕਰਾਚੀ— ਪਾਕਿਸਤਾਨ ਦੇ ਸ਼ਹਿਰ ਕਰਾਚੀ ਦੀ ਲਾਂਡੀ ਜੇਲ ਤੋਂ ਰਿਹਾਅ ਹੋਏ 146 ਮਛੇਰਿਆਂ ‘ਚੋਂ ਇਕ ਗੁਜਰਾਤ ਦੇ ਪਰਵੀਨ ਰਾਠੌੜ ਨੇ ਦੱਸਿਆ ਕਿ ਜੇਲ ‘ਚ ਜਾਸੂਸੀ ਦੇ ਦੋਸ਼ ‘ਚ ਦੋ ਪੰਜਾਬੀ ਨੌਜਵਾਨ ਬੰਦ ਹਨ। ਉਸ ਨੇ ਦੱਸਿਆ ਕਿ ਦੋਹਾਂ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ ਜਾਂਦਾ ਹੈ, ਇਸੇ ਕਾਰਣ ਉਨ੍ਹਾਂ ਦੀ ਮਾਨਸਿਕ ਸਥਿਤੀ ਖਰਾਬ ਹੋ ਚੁੱਕੀ ਹੈ। ਇਹ ਹੀ ਨਹੀਂ ਇਨ੍ਹਾਂ ‘ਚੋਂ ਇਕ ਤਾਂ ਬਲੱਡ ਕੈਂਸਰ ਦਾ ਮਰੀਜ਼ ਵੀ ਹੈ।

ਇੰਝ ਮਿਲੇ ਸਨ ਪੰਜਾਬੀ ਨੌਜਵਾਨ—
ਗੁਜਰਾਤ ਦੇ ਮਛੇਰੇ ਪਰਵੀਨ ਰਾਠੌੜ ਮੁਤਾਬਕ ਉਹ ਸਾਢੇ 9 ਮਹੀਨਿਆਂ ਤਕ ਪਾਕਿਸਤਾਨ ਦੀ ਜੇਲ ‘ਚ ਬੰਦ ਰਿਹਾ। ਇਕ ਦਿਨ ਉਹ ਜੇਲ ‘ਚ ਬਣੇ ਹਸਪਤਾਲ ‘ਚ ਦਵਾਈ ਲੈਣ ਗਿਆ ਜਿੱਥੇ ਉਸ ਨੇ ਪੰਜਾਬ ਦੇ ਜਤਿੰਦਰ ਅਤੇ ਯੋਗਰਾਜ ਨੂੰ ਦੇਖਿਆ, ਜਿਨ੍ਹਾਂ ਦੀ ਉਮਰ ਲਗਭਗ 28 ਸਾਲ ਹੋਵੇਗੀ। ਉਸ ਨੇ ਦੋਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਗੱਲ ਕਰਨ ਦੀ ਹਾਲਤ ‘ਚ ਨਹੀਂ ਸਨ। ਹਸਪਤਾਲ ਦੇ ਸਟਾਫ ਤੋਂ ਹੀ ਪਤਾ ਲੱਗਾ ਕਿ ਉਹ ਦੋਵੇਂ ਜਾਸੂਸੀ ਦੇ ਦੋਸ਼ ‘ਚ ਫੜੇ ਗਏ ਅਤੇ ਜਤਿੰਦਰ ਬਲੱਡ ਕੈਂਸਰ ਨਾਲ ਪੀੜਤ ਹੈ। ਹਾਲਾਂਕਿ ਰਾਠੌੜ ਦਾ ਕਹਿਣਾ ਹੈ ਕਿ ਨੌਜਵਾਨਾਂ ਦੀ ਦਿਮਾਗੀ ਹਾਲਤ ਦੇ ਕਾਰਣ ਉਨ੍ਹਾਂ ਦੇ ਜ਼ਿਲੇ ਦਾ ਪਤਾ ਨਹੀਂ ਲੱਗ ਸਕਿਆ। ਰਾਠੌੜ ਮੁਤਾਬਕ ਦੋਹਾਂ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਸੀ। ਰਾਠੌੜ ਨੇ ਦੱਸਿਆ ਕਿ ਉਨ੍ਹਾਂ ਦੀ ਕਿਸ਼ਤੀ ‘ਚ ਲੱਗੇ ਜੀ.ਪੀ.ਐੱਸ. ਸਿਸਟਮ ਮੁਤਾਬਕ ਉਹ ਭਾਰਤੀ ਦਲ ਫੌਜ ‘ਚ ਹੀ ਸਨ ਪਰ ਫਿਰ ਵੀ ਪਾਕਿਸਤਾਨੀ ਤਟ ਰੱਖਿਅਕ ਫੌਜ ਨੇ ਉਨ੍ਹਾਂ ਨੂੰ ਫੜ ਲਿਆ ਗਿਆ।

ਪਾਕਿਸਤਾਨ ਤਟ ਰੱਖਿਅਕ ਦਲ ਨੇ ਪੈਸੇ ਅਤੇ ਮੋਬਾਈਲ ਖੋਹ ਲਏ—
ਜ਼ਿਲਾ ਗੈਰਸੋਮਨਾਥ ਦੇ ਸ਼ਫੀਕ ਨੇ ਦੱਸਿਆ ਕਿ ਉਨ੍ਹਾਂ ਦੀ ਕਿਸ਼ਤੀ ਦਾ ਜੀ.ਪੀ.ਐੱਸ. ਸਿਸਟਮ ਖਰਾਬ ਸੀ ਅਤੇ ਉਸ ਸਮੇਂ ਉਹ ਸੁੱਤੇ ਹੋਏ ਸਨ ਤੇ ਉਹ ਫੜੇ ਗਏ । ਪਾਕਿਸਤਾਨ ਤਟ ਰੱਖਿਅਕ ਦਲ ਨੇ ਉਨ੍ਹਾਂ ਦੇ ਪੈਸੇ ਅਤੇ ਮੋਬਾਈਲ ਖੋਹ ਲਏ ਅਤੇ ਉਨ੍ਹਾਂ ਨੂੰ ਕੁੱਟਿਆ। ਜੇਲ ‘ਚ 3 ਮਹੀਨਿਆਂ ਤਕ ਉਨ੍ਹਾਂ ਦੇ ਘਰੋਂ ਆਈਆਂ ਚਿੱਠੀਆਂ ਵੀ ਉਨ੍ਹਾਂ ਨੂੰ ਦਿੱਤੀਆਂ ਨਹੀਂ ਗਈਆਂ। ਉਸ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਫਿਰੋਜ਼ ਅਜੇ ਵੀ ਲਾਂਡੀ ਜੇਲ ‘ਚ ਬੰਦ ਹੈ। ਜੇਲ ‘ਚ ਬੰਦ 250 ਮਛੇਰਿਆਂ ‘ਚੋਂ 3 ਨੂੰ ਅਧਰੰਗ ਹੋ ਚੁੱਕਾ ਹੈ। ਸੋਨਾਰੀ ਦੇ ਰਹਿਣ ਵਾਲੇ ਭੂਪਤ ਮੁਤਾਬਕ ਜੇਲ ‘ਚ ਅਜੇ ਵੀ ਲਗਭਗ 250 ਭਾਰਤੀ ਮਛੇਰੇ ਬੰਦ ਹਨ। ਕੈਦੀਆਂ ਨੂੰ ਰੋਜ਼ਾਨਾ ਜੇਲ ‘ਚ 5 ਰੋਟੀਆਂ ਹੀ ਖਾਣ ਨੂੰ ਮਿਲਦੀਆਂ ਹਨ। ਸਮੁੰਦਰ ਤੋਂ ਫੜੇ ਜਾਣ ‘ਤੇ ਜਦ ਭਾਰਤੀ ਮਛੇਰੇ ਪਾਕਿਸਤਾਨੀ ਤਟ ਰੱਖਿਅਕ ਫੌਜ ਨੂੰ ਇਹ ਕਹਿੰਦੇ ਹਨ ਕਿ ਉਨ੍ਹਾਂ ਕੋਲ ਪੈਸੇ ਨਹੀਂ ਤਾਂ ਉਹ ਉਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਹਨ ਤੇ ਜੇਕਰ ਕਿਸੇ ਕੋਲ ਪੈਸੇ ਨਿਕਲ ਆਉਣ ਤਾਂ ਉਨ੍ਹਾਂ ਨੂੰ ਹੋਰ ਵੀ ਬੁਰੀ ਤਰ੍ਹਾਂ ਨਾਲ ਕੁੱਟਦੇ ਹਨ।