• Home »
  • Home »
  • ਲੰਡਨ ‘ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ, 1 ਦੇ ਮੁਕਾਬਲੇ ਠੋਕੇ 7 ਗੋਲ

ਲੰਡਨ ‘ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ, 1 ਦੇ ਮੁਕਾਬਲੇ ਠੋਕੇ 7 ਗੋਲ

ਲੰਡਨ— ਪੂਰੀ ਦੁਨੀਆ ਦੀਆਂ ਨਜ਼ਰਾਂ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਆਈ. ਸੀ. ਸੀ. ਚੈਂਪੀਅਨਸ ਟ੍ਰਾਫੀ ਦੇ ਖਿਤਾਬੀ ਮੁਕਾਬਲੇ ‘ਤੇ ਟਿਕੀਆਂ ਹੋਈਆਂ ਸਨ ਤਾਂ ਲੰਡਨ ‘ਚ ਦੂਜੇ ਪਾਸੇ ਭਾਰਤੀ ਹਾਕੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਐਫ. ਆਈ. ਐਚ. ਵਿਸ਼ਵ ਲੀਗ ਹਾਕੀ ਸੈਮੀਫਾਈਨਲ ਦੇ ਪੂਲ ਬੀ ਮੈਚ ‘ਚ 7-1 ਨਾਲ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕਰ ਲਈ। ਭਾਰਤੀ ਟੀਮ ਇਸ ਜਿੱਤ ਨਾਲ ਪੂਲ ਬੀ ‘ਚ 9 ਅੰਕਾਂ ਨਾਲ ਚੋਟੀ ‘ਤੇ ਪਹੁੰਚ ਗਈ ਹੈ। ਭਾਰਤ ਨੇ ਇਸ ਤੋਂ ਪਹਿਲਾਂ ਸਕਾਟਲੈਂਡ ਨੂੰ 4-1 ਨਾਲ ਅਤੇ ਕੈਨੇਡਾ ਨੂੰ 3-0 ਨਾਲ ਹਰਾਇਆ ਸੀ। ਪਾਕਿਸਤਾਨੀ ਟੀਮ ਇਸ ਤੋਂ ਪਹਿਲਾਂ ਹਾਲੈਂਡ ਤੋਂ 0-4 ਨਾਲ ਅਤੇ ਕੈਨੇਡਾ ਤੋਂ 0-6 ਨਾਲ ਹਾਰ ਚੁੱਕੀ ਸੀ। ਪਾਕਿਸਤਾਨ ਨੂੰ ਇਸ ਤਰ੍ਹਾਂ ਲਗਾਤਾਰ ਦੂਜੇ ਮੈਚ ‘ਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀ ਜਿੱਤ ‘ਚ ਡ੍ਰੈਗ ਫਿਲਕਰ ਹਰਮਨਪ੍ਰੀਤ ਸਿੰਘ, ਤਲਵਿੰਦਰ ਸਿੰਘ ਅਤੇ ਆਕਾਸ਼ਦੀਪ ਸਿੰਘ ਨੇ ਦੋ-ਦੋ ਗੋਲ ਕੀਤੇ ਜਦੋਂ ਕਿ ਪ੍ਰਦੀਪ ਮੋਰ ਨੇ ਇਕ ਹੋਰ ਗੋਲ ਕੀਤਾ। ਪਾਕਿਸਤਾਨ ਦਾ ਇਕੋ-ਇਕ ਗੋਲ ਮੁਹੰਮਦ ਉਮਰ ਨੇ ਕੀਤਾ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਕੀ ਦੇ ਇਸ ਮੁਕਾਬਲੇ ਤੋਂ ਜ਼ਿਆਦਾ ਲੋਕਾਂ ਦੀਆਂ ਨਜ਼ਰਾਂ ਲੰਦਨ ਦੇ ਓਵਲ ਮੈਦਾਨ ‘ਤੇ ਦੋਹਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਦੇ ਮੈਚ ‘ਤੇ ਲੱਗੀਆਂ ਹੋਈਆਂ ਸਨ। ਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਸ਼ਰਮਨਾਕ ਹਾਰ ਦਾ ਸਵਾਦ ਚਖਾ ਦਿੱਤਾ। ਭਾਰਤ ਨੇ ਪਹਿਲੇ ਹਾਫ ‘ਚ ਹੀ 3-0 ਦੀ ਬੜ੍ਹਤ ਬਣਾ ਲਈ ਸੀ, ਜਿਸ ਤੋਂ ਬਾਅਦ ਪਾਕਿਸਤਾਨ ਕੋਲ ਵਾਪਸੀ ਕਰਨ ਦਾ ਕੋਈ ਮੌਕਾ ਨਹੀਂ ਰਹਿ ਗਿਆ ਸੀ। ਭਾਰਤੀ ਟੀਮ ਦਾ ਪਹਿਲਾ ਗੋਲ ਡ੍ਰੈਗ ਫਿਲਕਰ ਹਰਮਨਪ੍ਰੀਤ ਨੇ 13ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਕੀਤਾ। ਉਨ੍ਹਾਂ ਦੇ ਸ਼ਾਨਦਾਰ ਸ਼ਾਟ ਨੇ ਪਾਕਿਸਤਾਨ ਦੇ ਗੋਲਕੀਪਰ ਅਮਜ਼ਦ ਅਲੀ ਨੂੰ ਹੈਰਾਨ ਕਰ ਦਿੱਤਾ। ਹਰਮਨਪ੍ਰੀਤ ਦਾ ਟੂਰਨਾਮੈਂਟ ‘ਚ ਇਹ ਦੂਜਾ ਗੋਲ ਸੀ। ਦੂਜੇ ਕੁਆਰਟਰ ‘ਚ 21ਵੇਂ ਮਿੰਟ ‘ਚ ਤਲਵਿੰਦਰ ਨੇ ਖੱਬੇ ਪਾਸਿਓਂ ਸਰਦਾਰ ਸਿੰਘ ਦੀ ਸ਼ਾਨਦਾਰ ਕੋਸ਼ਿਸ਼ ਨੂੰ ਗੋਲ ‘ਚ ਬਦਲ ਦਿੱਤਾ। ਐਸ. ਵੀ. ਸੁਨੀਲ ਨੇ ਗੇਂਦ ਨੂੰ ਡਿਫਲੈਕਟ ਕੀਤਾ ਅਤੇ ਤਲਵਿੰਦਰ ਨੇ ਆਖਰੀ ਪਲਾਂ ‘ਚ ਗੇਂਦ ਨੂੰ ਗੋਲ ‘ਚ ਪਹੁੰਚਾ ਦਿੱਤਾ। ਤਲਵਿੰਦਰ ਨੇ 24ਵੇਂ ਮਿੰਟ ‘ਚ ਇਕ ਹੋਰ ਸ਼ਾਨਦਾਰ ਗੋਲ ਕਰਕੇ ਭਾਰਤ ਨੂੰ 3-0 ਨਾਲ ਅੱਗੇ ਕਰ ਦਿੱਤਾ। ਦੂਜੇ ਹਾਫ ਦੇ ਸ਼ੁਰੂ ਹੁੰਦੇ ਹੀ ਹਰਮਨਪ੍ਰੀਤ ਨੇ ਭਾਰਤ ਦੇ ਚੌਥੇ ਪੈਨਲਟੀ ਕਾਰਨਰ ‘ਤੇ ਪਾਕਿਸਤਾਨ ਦੇ ਗੋਲ ਦਾ ਤਖਤਾ ਖੜਕਾ ਦਿੱਤਾ, ਜਿਸ ਨਾਲ ਭਾਰਤ 4-0 ਨਾਲ ਅੱਗੇ ਹੋ ਗਿਆ। ਆਕਾਸ਼ਦੀਪ ਸਿੰਘ ਨੇ 47ਵੇਂ ਮਿੰਟ ‘ਚ ਭਾਰਤ ਦਾ ਪੰਜਵਾਂ ਗੋਲ ਕਰ ਦਿੱਤਾ। ਆਕਾਸ਼ਦੀਪ ਨੇ ਗੇਂਦ ਸੰਭਾਲਣ ਤੋਂ ਬਾਅਦ ਆਪਣੇ ਲਈ ਜਗ੍ਹਾ ਬਣਾਈ ਅਤੇ ਉਨ੍ਹਾਂ ਨੇ ਸ਼ਾਟ ਨੂੰ ਰੋਕਣ ਦਾ ਗੋਲਕੀਪਰ ਅਮਜ਼ਦ ਅਲੀ ਕੋਲ ਕੋਈ ਮੌਕਾ ਨਹੀਂ ਸੀ। ਆਕਾਸ਼ ਦਾ ਟੂਰਨਾਮੈਂਟ ‘ਚ ਇਹ ਤੀਜਾ ਗੋਲ ਸੀ। ਉਨ੍ਹਾਂ ਨੇ ਹੁਣ ਤੱਕ ਤਿੰਨੋ ਹੀ ਮੈਚਾਂ ‘ਚ ਇਕ ਗੋਲ ਕੀਤਾ। ਰਹਿੰਦੀ ਕਸਰ ਪ੍ਰਦੀਪ ਮੋਰ ਨੇ 49ਵੇਂ ਮਿੰਟ ‘ਚ ਇਕ ਮੁਸ਼ਕਲ ਕੋਣ ਤੋਂ ਖੂਬਸੂਰਤ ਗੋਲ ਕਰਕੇ ਪੂਰੀ ਕਰ ਦਿੱਤੀ। ਭਾਰਤ 6-0 ਨਾਲ ਅੱਗੇ ਹੋ ਗਿਆ ਸੀ। 6 ਗੋਲ ਖਾਣ ਤੋਂ ਬਾਅਦ ਪਾਕਿਸਤਾਨ ਨੇ ਆਪਣਾ ਗੋਲਕੀਪਰ ਬਦਲ ਦਿੱਤਾ। ਅਮਜਦ ਅਲੀ ਬਾਹਰ ਚਲੇ ਗਏ ਅਤੇ ਹਜ਼ਰ ਅੱਬਾਸ ਨੂੰ ਉਨ੍ਹਾਂ ਦੀ ਜਗ੍ਹਾ ਲਿਆਂਦਾ ਗਿਆ। ਹਜ਼ਰ ਦੇ ਆਉਣ ਤੋਂ ਬਾਅਦ ਪਾਕਿਸਤਾਨ ਨੂੰ ਉਸ ਦਾ ਗੋਲ ਪਹਿਲਾ ਗੋਲ ਮਿਲ ਗਿਆ। ਮੁਹੰਮਦ ਉਮਰ ਨੇ 57ਵੇਂ ਮਿੰਟ ‘ਚ ਮੈਦਾਨੀ ਗੋਲ ਨਾਲ ਹਾਰ ਦਾ ਫਰਕ ਘੱਟ ਗਿਆ। ਪਰ 59ਵੇਂ ਮਿੰਟ ‘ਚ ਆਕਾਸ਼ਦੀਪ ਨੇ ਆਪਣਾ ਦੂਜਾ ਗੋਲ ਕਰਦੇ ਹੋਏ ਭਾਰਤ ਨੂੰ 7-1 ਨਾਲ ਜਿੱਤ ਦਿਵਾ ਦਿੱਤੀ। ਆਕਾਸ਼ਦੀਪ ਦਾ ਟੂਰਨਾਮੈਂਟ ‘ਚ ਇਹ ਚੌਥਾ ਗੋਲ ਸੀ। ਆਕਾਸ਼ਦੀਪ ਹੁਣ ਟੂਰਨਾਮੈਂਟ ‘ਚ ਸਭ ਤੋਂ ਵੱਧ ਗੋਲ ਦੇ ਮਾਮਲੇ ‘ਚ ਅਰਜਨਟੀਨਾ ਦੇ ਗੋਂਜਾਲੋ ਪਿਲੇਟ ਤੋਂ ਬਾਅਦ ਦੂਜੇ ਨੰਬਰ ‘ਤੇ ਆ ਗਏ ਹਨ। ਗੋਂਜਾਲੋ ਦੇ 6 ਗੋਲ ਹਨ। ਭਾਰਤ ਦਾ ਅਗਲਾ ਮੁਕਾਬਲਾ 20 ਜੂਨ ਨੂੰ ਹਾਲੈਂਡ ਨਾਲ ਹੋਵੇਗਾ ਜਦੋਂ ਕਿ ਇਸ ਤੋਂ ਇਕ ਦਿਨ ਪਹਿਲਾਂ 19 ਜੂਨ ਨੂੰ ਪਾਕਿਸਤਾਨ ਦੀ ਟੀਮ ਸਕਾਟਲੈਂਡ ਨਾਲ ਭਿੜੇਗੀ।